ਪਟਿਆਲਾ: 28 ਸਤੰਬਰ, 2015
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦਾ 108 ਵਾਂ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਸਦਾ ਵਿਰਸਾ ਵਿਸ਼ੇ ਉਂਤੇ ਵਿਚਾਰ ਚਰਚਾ ਦਾ ਆਯੋਜਨ ਵੀ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸੁਆਗਤੀ ਭਾਸ਼ਣ ਦੌਰਾਨ ਕਿਹਾ ਕਿ “ਸਾਨੂੰ ਭਗਤ ਸਿੰਘ ਦੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੌਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਭਾਰਤ ਸੰਸਾਰ ਦਾ ਉਹ ਦੇਸ਼ ਹੈ ਜਿਥੇ ਮੌਜੂਦਾ ਸਮੇਂ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਤੋਂ ਵੱਧ ਹੈ ਤੇ ਨੌਜਵਾਨ ਹੀ ਦੇਸ਼ ਨੂੰ ਤਰੱਕੀ ਦੀ ਲੀਹ ਉਤੇ ਤੋਰ ਸਕਦੇ ਹਨ। ਅਸੀਂ ਸਾਰੇ ਬਹੁਤ ਵਡਭਾਗੀ ਹਾਂ ਅਸੀਂ ਅਜ਼ਾਦ ਭਾਰਤ ਵਿੱਚ ਪੈਦਾ ਹੋਏ ਹਾਂ ਪਰ ਅੱਜ ਦੀ ਨੌਜਵਾਨ ਪੀੜੀ ਇਸ ਸੱਚ ਤੋਂ ਅਣਜਾਨ ਹੈ ਕਿ ਅਜ਼ਾਦੀ ਲੈਣ ਲਈ ਸਾਡੇ ਪੁਰਖਿਆਂ ਨੇ ਕਿਨੇ ਤਸੀਹੇ ਝੱਲੇ ਹਨ ਤੇ ਕਿਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਸਮੇਂ ਦੀ ਲੋੜ ਹੈ ਕਿ ਵਿਦਿਆਰਥੀ ਆਪਣੀ ਵਿਰਾਸਤ ਨੂੰ ਨਾ ਵਿਸਾਰਨ ਅਤੇ ਜੀਵਨ ਦੇ ਹਰ ਪਹਿਲੂ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਚੰਗਾ ਯੋਗਦਾਨ ਪਾਉਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਰ ਸਕੇ।“
ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਵਲੰਟੀਅਰਾਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਕਾਮਰੇਡ ਸਾਥੀਆਂ ਨੂੰ ਲਿਖੇ ਆਖਰੀ ਪੱਤਰ ਨਾਲ ਰੂਬਰੂ ਕਰਵਾਇਆ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਉਂਚੀ ਸ਼ਖਸੀਅਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤਾਂ ਜੋ ਸ਼ਹੀਦ ਦੇ ਸੁਪਣੇਆਂ ਦਾ ਭਾਰਤ ਸਿਰਜਿਆ ਜਾ ਸਕੇ। ਇੱਕ ਵਿਚਾਰ ਫਾਂਸੀ ਤੋਂ ਪਹਿਲਾਂ ਭਗਤ ਸਿੰਘ ਦੇ ਮਨ ਵਿੱਚ ਸੀ ਕਿ ਦੇਸ਼ ਅਤੇ ਮਨੁੱਖਤਾ ਦੇ ਲਈ ਜੋ ਕੁਝ ਕਰਨ ਦੀਆਂ ਹਸਰਤਾਂ ਉਸ ਦੇ ਮਨ ਵਿੱਚ ਸਨ, ਉਸ ਦਾ ਹਜ਼ਾਰਵਾਂ ਭਾਗ ਵੀ ਪੂਰਾ ਨਹੀਂ ਕਰ ਸਕਿਆ ਸੀ। ਉਸ ਦੇ ਮਨ ਵਿੱਚ ਇੱਕ ਗਿਲਾ ਸੀ ਕਿ ਜੇਕਰ ਆਜ਼ਾਦ ਭਾਰਤ ਵਿੱਚ ਜ਼ਿੰਦਾ ਰਹਿ ਸਕਦਾ ਤਾਂ ਇਨ੍ਹਾਂ ਹਸਰਤਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਅਤੇ ਉਹ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦਾ। ਇਸ ਤੋਂ ਇਲਾਵਾ ਉਸ ਦੇ ਮਨ ਵਿੱਚ ਕੋਈ ਲਾਲਚ ਫਾਂਸੀ ਤੋਂ ਬਚੇ ਰਹਿਣ ਦਾ ਨਹੀਂ ਸੀ ਆਇਆ।
ਡਾ. ਵੀਰਪਾਲ ਨੇ ਕਿਹਾ ਕਿ ਅਸੀਂ ਭਗਤ ਸਿੰਘ ਨੂੰ ਉਸ ਦੀ ਫੋਟੋ ਅਤੇ ਨਾਰਿਆਂ ਤੱਕ ਸੀਮਿਤ ਕਰ ਦਿੱਤਾ ਹੈ। ਭਗਤ ਸਿੰਘ ਵੀ ਸਹੂਲਤਾਂ ਭਰੀ ਜ਼ਿੰਦਗੀ ਜਿਉਂ ਸਕਦਾ ਸੀ, ਪਰ ਉਹ ਆਜ਼ਾਦੀ ਦੀ ਲੜਾਈ ਲੜਿਆ ਅਤੇ ਸ਼ਹੀਦ ਹੋ ਕੇ ਅਮਰ ਹੋ ਗਿਆ। ਪ੍ਰੋ. ਗੁਰਪ੍ਰੀਤ ਸਿੰਘ ਨੇ ਵਲੰਟੀਅਰਾਂ ਨੂੰ ਭਗਤ ਸਿੰਘ ਦੇ ਜੀਵਨ ਦੇ ਕੁਝ ਅਨਛੋਹੇ ਪੱਖਾਂ ਤੋਂ ਜਾਣੂ ਕਰਵਾਇਆ।
ਸਮਾਗਮ ਦੌਰਾਨ ਵਲੰਟੀਅਰਾਂ ਨੇ ਸ਼ਹੀਦ ਭਗਤ ਸਿੰਘ ਨਾ ਜੁੜੇ ਪੱਖਾਂ ਨੂੰ ਪ੍ਰਗਟਾਉਂਦੇ ਗੀਤ, ਕਵਿਤਾਵਾਂ, ਸੰਵਾਦ, ਭਾਸ਼ਣ ਆਦਿ ਪੇਸ਼ ਕੀਤੇ। ਪ੍ਰਕਾਸ਼, ਹਰਮਨਦੀਪ ਸਿੰਘ, ਅਰਮ ਕੁਮਾਰ ਸਿੰਘ ਨੇ ਕਵੀਤਾ ਕਹੀ, ਸੁਧਾਕਰ ਮਿਸ਼ਰਾ ਨੇ ਭਾਸ਼ਣ ਰਾਹੀਂ, ਮਨਦੀਪ ਕੌਰ, ਹਰਦੀਪ, ਜਤਿਨ ਨੇ ਗੀਤ ਰਾਹੀਂ ਅਤੇ ਸੁਮਨ, ਰਸ਼ਮੀਤ ਕੌਰ, ਮਨਵਿੰਦਰ, ਪਰਮਵੀਰ ਸਿੰਘ ਅਤੇ ਹੋਰ ਵਲੰਟੀਅਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਭਾਗ ਲੈ ਰਹੇ ਐਨ.ਐਸ.ਐਸ. ਵਲੰਟੀਅਰਾਂ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਨ ਅਤੇ ਉਸ ਦੇ ਸੁਪਣਿਆਂ ਦਾ ਭਾਰਤ ਉਸਾਰਨ ਦਾ ਵਿਸ਼ਵਾਸ ਵੀ ਦਿਲਾਇਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਦੀਪ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ